Breaking News
Home / Punjabi Kahani / ਇਕ ਬਿਲਕੁਲ ਸੱਚ ਕਹਾਣੀ

ਇਕ ਬਿਲਕੁਲ ਸੱਚ ਕਹਾਣੀ

ਸਿਰਫ ਨਾਂ ਬਦਲੇ ਨੇਂ।

ਰਸੋਈ ਚ ਖੜੀ ਸਵੇਰ ਦੀ ਚਾਹ ਬਣਾ ਰਹੀ ਸੀ ਹਾਲੇ ,ਮੂੰਹ ਹਨੇਰਾ ਤੇ ਪੰਜਾਂ ਕੁ ਦਾ ਵੇਲਾ, ਹਵੇਲੀ ਦਾ ਬੂਹਾ ਖੜਕਿਆ,ਨਾਹਰ ਸਿਓਂ ਮੀਤ ਦਾ ਸਾਂਈ ਹਾਲੇ ਉੱਠਿਆ ਨੀਂ ਸੀ ,,, ਰਸੋਈ ਚ ਖੜੀ ਨੇ ਹੀ ਸੀਰੀ ਨੂੰ ਅਵਾਜ਼ ਮਾਰੀ ,
“ਸੀਰੇ,ਬੂਹਾ ਖੋਲ ਜਾਕੇ।
ਮਨ ਚ ਡਰ ਵੀ ਸੀ ,” ਇੰਨੇਂ ਸਵੇਰੇ ਕੌਣ ਤੇ ਕਿਓਂ????
ਭੂਆ ਕੁਲਦੀਪ , ਮੀਤ ਦੀ ਪੇਕਿਆਂ ਘਰਾਂ ਚੋ ਲੱਗਦੀ ਉਹਨੇਂ ਰਿਸ਼ਤਾ ਕਰਾਇਆ ਸੀ ਨਾਹਰ ਸਿਓਂ ਨੂੰ ਮੀਤ ਦਾ।
“ਤੇਰੇ ਪੇਕਿਆਂ ਨੂੰ ਚੱਲੇ ਹਾਂ । ਬਾਕੀ ਕੁਲਦੀਪ ਕੁਰ ਦੀਆਂ ਨਮ ਅੱਖਾਂ ਤੇ ਸਿਰ ਤੇ ਲ ਈ ਚਿੱਟੀ ਚੁੰਨੀਂ ਕਹਿ ਗ ਈਆਂ ਸੈਣ,
” ਕਦੋਂ ?
” ਰਾਤ , ਪਰ ਸਾਨੂੰ ਤਾਂ ਸਵੇਰ ਹੀ ਵੀਰ ਦਾ ਫੋਨ ,
ਕੁਲਦੀਪ ਕੁਰ ਆਪਣੇਂ ਭਰਾ ਦਾ ਨਾਂ ਲੈਕੇ ਕਹਿਣ ਲੱਗੀ ।

ਮੀਤ ਦੀ ਧਾਹ ਨਿੱਕਲ ਗਈ, ਮਾਂ ਤੁਰ ਗਈ ਸੀ ਜਹਾਨੋਂ,ਪੰਜਾਂ ਵਰਿਆਂ ਤੋਂ ਕੈਂਸਰ ਨਾਲ ਜੂਝਦੀ ਮਾਂ ਧੀ ਨੂੰ ਤਰਸਦੀ ਧੀ ਦਾ ਮੁੱਖ ਵੇਖਿਆਂ ਬਿਨਾਂ ਹੀ,,,,,
13 ਵਰੇ ਹੋ ਗਏ ਸੀ ਮੀਤ ਨੇਂ ਮਾਂ ਨੂੰ ਨੀਂ ਸੀ ਵੇਖਿਆ, ਨਾਂ ਭੈਣ ਨੂੰ ਨਾਂ ਭਰਾ ਨੂੰ।
” ਨਾਹਰ ਨੂੰ ਮੈਂ ਪੁੱਛਾਂ ਜੇ ਤੈਨੂੰ ਤੋਰ ਦੇਵੇ,ਭਾਅ ਨੇਂ ਬੜਾ ਤਰਲਾ ਕੀਤਾ ਏ ਕਿ ਧੀ ਮੇਰੀ ਨੂੰ ਜਰੂਰ ,,,,,,
ਇਸ ਤੋਂ ਅੱਗੇ ਕੁਲਦੀਪ ਕੁਰ ਦੇ ਸ਼ਬਦ ਵੀ ਮੂੰਹ ਚਰ ਰਹਿ ਗਏ ।
ਨਾਹਰ ਸਿਓਂ ਨੂੰ ਉਠਾਕੇ ਸਾਰੀ ਗੱਲ ਦੱਸੀ ਕੁਲਦੀਪ ਕੁਰ ਨੇਂ ,ਪਰ ਕੋਰੀ ਨਾਂ ਹੀ ਮਿਲੀ ,
” ਚਾਚੀ ,ਬੀਜੀ ਨੇਂ ਤੁਫਾਨ ਖੜਾ ਕਰ ਦੇਣਾਂ,ਮੈਂ ਨੀਂ ਆਪਣੀ ਮਰਜੀ ਕਰ ਸਕਦਾ,ਅਗਲਿਆਂ ਨੇ ਕਿਹੜਾ ਘੱਟ ਕੀਤੀ ਏ ਸਾਡੇ ਨਾਲ !
” ਵੇ ਪੁੱਤਰ ਨਰਾਜ਼ਗੀਆਂ ਤਾਂ ਜਿਉਂਦਿਆਂ ਨਾਲ ਹੁੰਦੀਆਂ ,ਮੁਕਿਆਂ ਨਾਲ ਕਾਹਦੀਆਂ ,ਬੀਜੀ ਆਪਣੀਂ ਨੂੰ ਫੋਨ ਕਰਕੇ ਪੁੱਛ ਲੈ।
ਨਾਹਰ ਦੀ ਮਾਂ ਆਪਣੀ ਧੀ ਦਾ ਜਣੇਪਾ ਕਟਾਉਣ ਆਸਟਰੇਲੀਆ ਗਈ ਹੋਈ ਸੀ ਧੀ ਕੋਲ।
“ਰਹਿਣ ਦੇ ਚਾਚੀ ,ਮਸਾਂ ਸ਼ਾਂਤੀ ਹੋਈ ਏ ,
ਨਾਹਰ ਸਿਓਂ ਕੋਰਾ ਹੋ ਗਿਆ ਸੀ।
ਕੁਲਦੀਪ ਕੁਰ ਬੇਵੱਸ ਸੀ ਹੁਣ,ਮੀਤ ਨੇਂ ਸਿਰ ਤੋਂ ਚੁੰਨੀ ਲਾਕੇ ਕੁਲਦੀਪ ਕੁਰ ਦੇ ਹੱਥਾਂ ਚ ਕੰਬਦਿਆਂ ਹੱਥਾਂ ਨਾਲ ਦਿੰਦਿਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਇਕ ਵਾਰ ਤਾਂ ਰੱਬ ਵੀ ਰੋ ਪਿਆ ਹੋਣਾਂ।
” ਭੂਆ ,ਇਹ ਚੁੰਨੀਂ , ਮਾਂ ਤੇ ਪਾ ਦਵੀਂ ,ਆਖੀਂ ਬੜਾ ਰੋਈ ਤੇਰੀ ਧੀ ਤੇਰਾਂ ਸਾਲ ਚ ਤੈਨੂੰ ਯਾਦ ਕਰਕੇ ,ਤੈਨੂੰ ਵੇਖਣ ਨੂੰ ਤਰਸਦੀ ਰਹੀਂ, ਨਾਨੇ ,ਨਾਨੀ ਦੀਆਂ ਕਹਾਣੀਆਂ ਸੁਣਾਉਣ ਦਾ ਹਕ ਤੱਕ ਨੀਂ ਸੀ ਉਹਦੀ ਧੀ ਨੂੰ ,ਇਹ ਚੁੰਨੀਂ ਚ ਮੇਰੇ ਆਖਰੀ ਹੰਝੂ ਮੇਰੀ ਮਾਂ ਨੂੰ ਦਵੀਂ,
ਉਹਦੇ ਮੂੰਹ ਤੇ ਹੱਥਾਂ ਨੂੰ ਚੰਗੀ ਤਰਾਂ ਸਮਾਂ ਲਿਆਈਂ ਆਪਣੇ ਹੱਥਾਂ ਚ ਮੈਂ ਹੱਥ ਚੁੰਮਣੇਂ ਨੇਂ ਤੇਰੇ।
ਕੁਲਦੀਪ ਕੁਰ ਤੋਂ ਸੁਣਿਆਂ ਨੀਂ ਸੀ ਜਾ ਰਿਹਾ , ਤੇ ਧੀ ਦੇ ਹੰਝੂ ,,,,,,,,,
ਕੁਲਦੀਪ ਕੁਰ ਹੌਕਾਂ ਲੈਂਦੀ ਤੁਰ ਗਈ ।
ਮੀਤ ਦੀ ਛੋਟੀ ਭੈਣ ਪੜ੍ਹਾਈ ਕਰਨ ਲਈ ਕੈਨੇਡਾ ਗਈ ,ਉੱਥੇ ਹੀ ਵਸ ਗਈ । ਨਾਹਰ ਦੀ ਮਾਂ ਨੇਂ ਆਪਣੇ ਅਮੀਰ ਭਰਾ ਦੇ ਵਿਗੜੈਲ ਤੇ ਨਸ਼ੇੜੀ ਤੇ ਅੱਤ ਕੱਬੇ ਸੁਭਾਅ ਦੇ ਮੁੰਡੇ ਲਈ ਰਿਸ਼ਤਾ ਮੰਗਿਆ ਸੀ ਉਹਦਾ।ਪਰ ਮੀਤ ਦੇ ਸਮਝਾਉਣ ਤੇ ਤੇ ਅਨੰਤ ਦੇ ਨਾਂਹ ਕਰਨ ਤੇ ਉਹਦੇ ਪਿਓ ਨੇਂ ਰਿਸ਼ਤਾ ਕਰਨ ਤੋਂ ਨਾਂਹ ਕਰ ਦਿੱਤੀ ਸੀ।ਮੀਤ ਆਪਣੀ ਭੈਣ ਨੂੰ ਨਰਕ ਵਰਗੀ ਜਿੰਦਗੀ ਨੀਂ ਸੀ ਦੇਣਾਂ ਚਹੁੰਦੀ ।
ਬਸ ਉਸ ਦਿਨ ਤੋਂ ਬਾਅਦ ਹੀ ਮੀਤ ਦਾ ਪੇਕਾ ਘਰ ਸਦਾ ਲਈ ਮੁਕਾ ਦਿੱਤਾ ਗਿਆ ਸੀ ਉਹਦੇ ਲਈ ।ਉਦੋਂ ਇਹ ਫੇਸਬੁੱਕ ਤੇ ਵਟਸ ਐਪ ਵਰਗੀਆਂ ਚੀਜਾਂ ਨੀਂ ਸੀ ਹੁੰਦੀਆਂ। ਮਾਂ ਨਾਲ ਗੱਲ ਕੀਤਿਆਂ ਬਿਨਾਂ ਤੇ ਪੇਕੇ ਤਕਿਆਂ ਬਿਨਾਂ ਆਪਣੇ ਧੀ ਤੇ ਪੁੱਤਰ ਬਾਰੇ ਸੋਚਕੇ ਹੀ ਆਪਢੇ ਘਰੋਂ ਪੈਰ ਨੀਂ ਪੁੱਟਿਆ ਮੀਤ ਨੇਂ।
ਸ਼ਾਮ ਨੂੰ ਕੁਲਦੀਪ ਕੁਰ ਨੇਂ ਆਣਕੇ ਦੱਸਿਆ ਸੀ ਕਿ
” ਸ਼ਾਮ ਤੱਕ ਉਡੀਕਿਆ ਤੈਨੂੰ ਧੀਏ, ਸਾਰਾ ਪਿੰਡ ਰੋਇਆ ਮਾਂ ਦਾ ਸਿਵਾ ਧੀ ਬਿਨਾਂ ਬਲਦਾ ਵੇਖ,
ਮੀਤ ਨੇਂ ਰੱਬ ਨੂੰ ਚੀਰਦੇ ਵੈਣ ਪਾਏ,ਮਾਂ ਦੇ ਅੰਦਰ ਮੇਰੇ ਦੁਖ ਨੇਂ ਗੰਢਾਂ ਕਰ ਦਿੱਤੀਆਂ ਭੂਆ ,ਉਹ ਕੈਂਸਰ ਬਣ ਗਿਆ ਮੇ ਰੀ ਮਾਂ ਲਈ ।ਵਾਰ ਵਾਰ ਕੁਲਦੀਪ ਕੁਰ ਦੇ ਹੱਥਾਂ ਨੂੰ ਚੁੰਮਿਆ ਉਹਨੇਂ ।
ਸਿਸਕਦਿਆਂ ਕਿੰਨੀਆਂ ਰਾਤਾਂ ਤੇ ਦਿਨ ਲੰਘ ਗਏ ।ਉਹ ਘੱਟ ਹੀ ਬੋਲਦੀ ,ਅੰਦਰ ਮਾਂ ਦਾ ਸਿਵਾ ਧੁਖਦਾ ਸੀ ਉਹਦੇ।
ਇਕ ਦਿਨ ਕਮਰੇ ਚ ਚਾਹ ਫੜਾਉਣ ਆਈ ਨੂੰ ਨਾਹਰ ਨੇਂ ਕਿਹਾ,

“ਆਹ ਚਿੱਟੀ ਚੁੰਨੀਂ ਲਾਹ ਦੇ ਹੁਣ , ਹੁਣ ਤਾ ਬਹੁਤ ਦਿਨ ਹੋ ਗਏ ਮੀਤ।

” ਰੰਡੀਆਂ ਜਨਾਨੀਆਂ ,ਕਦੋਂ ਰੰਗ ਬਿਰੰਗੀਆਂ ਚੁੰਨੀਆਂ ਲੈਂਦੀਆਂ ਨਾਹਰ !
” ਕੀ ਮਤਲਬ ? ਉਹ ਤਰੰਬਕਿਆਂ।
” ਜਿਸ ਦਿਨ ਮਾਂ ਮੁੱਕੀ ਸੀ ਤੇ ਉਹਦਾ ਸਿਵਾ ਬਲਿਆ ਸੀ ਮੇਰੇ ਬਿਨਾਂ, ਮੈਂ ਤੇਰਾ ਸਿਵਾ ਵੀ ਨਾਲ ਹੀ ਬਾਲ ਦਿੱਤਾ ਸੀ ਨਾਹਰ ਸਿਆਂ।

ਹੁਣ ਸਾਰੇ ਪਾਸੇ ਚੁੱਪ ਸੀ , ਤੇ ਨਾਹਰ ਦਾ ਅੰਦਰ ਧੁਖਣਾ ਸ਼ੁਰੂ ਹੋ ਗਿਆ ਸੀ।
ਮੀਤ ਕਹਿੰਦੇ ਅੱਜ ਵੀ ਜਿਆਦਾ ਚੁੱਪ ਹੀ ਰਹਿੰਦੀ ਏ।
Rupinder Sandhu.

About ameet

Leave a Reply

Your email address will not be published. Required fields are marked *

*